ਕੀ ਮਾਰਕਸਵਾਦ ਅਤੇ ਅੰਬੇਡਕਰ ਵਾਦ ਚ ਕੋਈ ਏਕਤਾ ਸੰਭਵ ਹੈ?-1
ਅੱਜ ਲਗਪਗ ਸਾਰੇ ਤਰ੍ਹਾਂ ਦੇ ਅੰਬੇਡਕਰਵਾਦੀ ਅੰਬੇਡਕਰ ਨੂੰ ਦਲਿਤਾਂ ਦੇ ਮਸੀਹੇ ਦੇ ਤੌਰ 'ਤੇ ਪੇਸ਼ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਦਲਿਤ ਮੁਕਤੀ ਦਾ ਇੱਕੋ-ਇੱਕ ਸਿਧਾਂਤ ਅੰਬੇਡਕਰਵਾਦ ਹੈ। ਕੁਝ ਦਾ ਕਹਿਣਾ ਹੈ ਕਿ ਜਾਤ-ਪਾਤ ਦੇ ਖਾਤਮੇ ਲਈ ਅੰਬੇਡਕਰ ਜਰੂਰੀ ਹੈ ਅਤੇ ਜਮਾਤਾਂ ਦੇ ਖਾਤਮੇ ਲਈ ਮਾਰਕਸਵਾਦ ਦੀ ਲੋੜ ਹੈ। ਪਰ ਕੀ ਅੰਬੇਡਕਰ ਦਲਿਤਾਂ ਦੀ ਸਮਾਜਿਕ-ਰਾਜਸੀ-ਆਰਥਿਕ ਦਾਬੇ-ਜ਼ਬਰ ਤੋਂ ਮੁਕਤੀ ਦਾ ਕੋਈ ਅਮਲੀ ਯਥਾਰਥਵਾਦੀ ਮਾਰਗ ਸੁਝਾਉਂਦੇ ਹਨ? ਕੀ ਅੰਬੇਡਕਰ ਦਲਿਤ ਸਵਾਲ ਦਾ ਕੋਈ ਵਿਗਿਆਨਕ ਇਤਿਹਾਸਕ ਵਿਸ਼ਲੇਸ਼ਣ ਅਤੇ ਹੱਲ ਪੇਸ਼ ਕਰਦੇ ਹਨ? ਕੀ ਅੰਬੇਡਕਰ ਦੇ ਵਿਚਾਰਾਂ ਵਿੱਚ ਦਲਿਤ ਮੁਕਤੀ ਦਾ ਕੋਈ ਠੋਸ ਪ੍ਰੋਜੈਕਟ ਹੈ? ਕੀ ਧਰਮ ਬਦਲੀ (ਜੋ ਅੰਬੇਡਕਰ ਨੇ ਆਪਣੇ ਜੀਵਨ ਦੇ ਅਖੀਰੀ ਦਿਨਾਂ ਵਿੱਚ ਕੀਤੀ ਅਤੇ ਜਾਤੀਗਤ ਦਾਬੇ-ਜ਼ਬਰ ਤੋਂ ਮੁਕਤ ਹੋਣ ਲਈ ਆਪਣੇ ਪੈਰੋਕਾਰਾਂ ਨੂੰ ਕਰਨ ਲਈ ਕਿਹਾ) ਜਾਤ ਦੇ ਸਵਾਲ ਦਾ ਕੋਈ ਰਾਹ ਹੋ ਸਕਦਾ ਹੈ? ਅੰਬੇਡਕਰ ਨੇ ਜਾਤ ਦੇ ਸਵਾਲ ਦੇ ਸੰਦਰਭ ਵਿੱਚ ਅਤੇ ਹੋਰ ਸੰਦਰਭਾਂ ਵਿੱਚ ਮਾਰਕਸਵਾਦ ਦੀ ਜੋ ਅਲੋਚਨਾ ਪੇਸ਼ ਕੀਤੀ, ਕੀ ਉਹ ਅਲੋਚਨਾ ਉਹਨਾਂ ਦੁਆਰਾ ਮਾਰਕਸਵਾਦ ਦੇ ਡੂੰਘੇ-ਗੰਭੀਰ ਅਧਿਐਨ 'ਤੇ ਅਧਾਰਤ ਸੀ? ਕਈ ਦਲਿਤਵਾਦੀ ਅਤੇ “ਮਾਰਕਸਵਾਦੀ” ਬੁੱਧੀਜੀਵੀ ਅੰਬੇਡਕਰਵਾਦ ਅਤੇ ਮਾਰਕਸਵਾਦ ਨੂੰ ਮਿਲਾਉਣ ਦੀ ਜੋਰ-ਸ਼ੋਰ ਨਾਲ਼ ਵਕਾਲਤ ਕਰਦੇ ਹਨ। ਕੀ ਮਾਰਕਸਵਾਦ ਅਤੇ ਅੰਬੇਡਕਰਵਾਦ ਵਿੱਚ ਕਿਸੇ ਵੀ ਤਰਾਂ ਦਾ ਮੇਲ਼-ਜੋਲ਼ ਸੰਭਵ ਹੈ? ਇਹਨਾਂ ਸਵਾਲਾਂ ਦੇ ਉੱਤਰ ਜਾਣਨ ਲਈ ਸਾਨੂੰ ਅੰਬੇਡਕਰ ਦੇ ਸੰਸਾਰ-ਨਜ਼ਰੀਏ, ਉਹਨਾਂ ਦੇ ਰਾਜਨੀਤੀ-ਸ਼ਾਸਤਰ, ਅਰਥ-ਸ਼ਾਸਤਰ, ਉਹਨਾਂ ਦੇ ਇਤਿਹਾਸ-ਨਜ਼ਰੀਏ ਅਤੇ ਉਹਨਾਂ ਦੁਆਰਾ ਪੇਸ਼ ਕੀਤੀ ਗਈ ਮਾਰਕਸਵਾਦ ਦੀ ਅਲੋਚਨਾ ਦੀ ਪੜਤਾਲ ਕਰਨੀ ਹੋਵੇਗੀ। ਇਥੇ ਅਸੀਂ ਲੜੀਵਾਰ ਇਸ ਵਿਸ਼ੇ ਤੇ ਚਰਚਾ ਕਰਾਂਗੇ। ਅੱਜ ਖੱਬੇਪੱਖੀ ਲਹਿਰ ਵਿੱਚ ਆਮ ਤੌਰ 'ਤੇ ਅੰਬੇਡਕਰ ਦੇ ਪ੍ਰਤੀ ਅਣਅਲੋਚਨਾਤਮਕ ਸ਼ਲਾਘਾ ਦਾ ਰਵੱਇਆ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ CPIML NEW DEMOCRACY ਵੱਲੋਂ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾਣਾ ਇਸ ਰੁਝਾਨ ਦੀ ਪ੍ਰਤਖ ਮਿਸਾਲ ਹੈ|ਸ਼ਾਇਦ ਉਹਨਾਂ ਦਾ ਸੋਚਣਾ ਹੈ ਕਿ ਅੰਬੇਡਕਰ ਦੀ ਅਲੋਚਨਾ ਨਾਲ਼ ਦਲਿਤ ਰੁੱਸ ਜਾਣਗੇ। ਪਰ ਦਲਿਤਾਂ ਦਾ ਦਿਲ ਜਿੱਤਣ ਦੇ ਨਾਂ 'ਤੇ ਇਹ ਸਿਆਸੀ ਮੌਕਾਪ੍ਰਸਤੀ ਹੀ ਹੈ। ਦਲਿਤ ਕਿਰਤੀਆਂ ਨੂੰ ਉਹਨਾਂ ਦੇ ਵਿਚਾਰਧਾਰਕ ਤੁਅੱਸਬਾਂ ਨਾਲ਼ ਘੋਲ਼ ਕਰਕੇ ਹੀ ਕਮਿਊਨਿਸਟ ਲਹਿਰ ਵਿੱਚ ਲਿਆਂਦਾ ਜਾ ਸਕਦਾ ਹੈ, ਨਾ ਕਿ ਉਹਨਾਂ ਨੂੰ ਪਲ਼ੋਸ ਕੇ। |
No comments:
Post a Comment